ਸਰੀ-ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਨੇ ਘਟ ਰਹੇ ਸਿੱਖ ਪੰਥ ਉਪਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਹਰ ਸਿੱਖ ਨੂੰ ਵਿਚਾਰਨ ਦੀ ਲੋੜ ਹੈ ਕਿ ‘ਸਿੱਖ ਪੰਥ’ ਘਟ ਕਿਉਂ ਰਿਹਾ ਹੈ? ਉਨ੍ਹਾਂ ਕਿਹਾ ਕਿ ਸਿੱਖ ਪੰਥ ਘਟਣ ਦੇ ਕਈ ਕਾਰਨ ਹਨ ਅਤੇ ਇਨ੍ਹਾਂ ਕਾਰਨਾ ਬਾਰੇ ਜਾਣਨ ਤੋਂ ਪਹਿਲਾਂ ਇਹ ਵੀ ਵਿਚਾਰਨਾ ਪਵੇਗਾ ਕਿ ਸਿੱਖ ਪੰਥ ਵਧਿਆ ਕਿਉਂ ਸੀ?
ਠਾਕੁਰ ਦਲੀਪਸਿੰਘ ਨੇ ਆਖਿਆ ਕਿ ਸਿੱਖ ਪੰਥ ਓਨਾ ਚਿਰ ਵਧਦਾ ਰਿਹਾ; ਜਿੰਨਾਂ ਚਿਰ ਗੁਰਬਾਣੀ ਵਿਚ ਲਿਖੇ ਹੋਏ ਆਸ਼ੇ ਅਨੁਸਾਰ, ਪੰਥ ਦੇ ਪ੍ਰਚਾਰ ਦੇ ਕੰਮ ਚੱਲਦੇ ਰਹੇ। ਕਿਉਂਕਿ ਗੁਰਬਾਣੀ ਅਨੁਸਾਰ: ਨਾਮ ਜਪਣ-ਜਪਾਉਣ ਵਾਲੇ, ਕੀਰਤਨ ਕਰਨ-ਕਰਵਾਉਣ ਵਾਲੇ, ਕਥਾਵਾਚਕ, ਸ਼ੁਭ ਉਪਦੇਸ਼ ਦੇਣ ਵਾਲੇ ਸੰਤਾਂ-ਸਾਧਾਂ ਦੀ ਸੇਵਾ ਕਰਨੀ ਅਤੇ ਪੂਜਾ ਕਰਨੀ: ਵਿਧਾਨ ਹੈ। ਇਸੇ ਕਰ ਕੇ ਅੱਜ ਤੋਂ ਸੌ ਸਾਲ ਪਹਿਲਾਂ ਤੱਕ ਸੰਤਾਂ-ਸਾਧਾਂ ਦੀ ਪੂਜਾ ਅਤੇ ਸੇਵਾ ਹੁੰਦੀ ਰਹੀ। ਸੰਤਾਂ-ਸਾਧਾਂ ਨੇ ਹੀ ਸਿੱਖ ਪੰਥ ਦਾ ਪ੍ਰਚਾਰ ਕੀਤਾ, ਤਾਂ ਹੀ ਸਿੱਖ ਪੰਥ ਵਧਿਆ ਸੀ। ਉਹ ਸੰਤ-ਸਾਧ: ਭਾਵੇਂ ਨਾਮਧਾਰੀ, ਨਿਰਮਲੇ, ਉਦਾਸੀ, ਸੇਵਾਪੰਥੀ, ਨਿਰੰਕਾਰੀ ਸਨ ਜਾਂ ਕਿਸੇ ਵੀ ਸੰਪਰਦਾ ਦੇ ਮਹਾਨ ਪੁਰਸ਼ ਸਨ। ਉਹਨਾਂ ਨੇ ਗੁਰਬਾਣੀ ਆਸ਼ੇ ਅਨੁਸਾਰ, ਗੁਰੂ ਜੀ ਦੀਆਂ ਸਾਖੀਆਂ ਸੁਣਾ ਕੇ, ਲੋਕ-ਪ੍ਰਲੋਕ ਦਾ ਸਹਾਈ ਹੋਣਾ: ਲੋਕਾਂ ਦੇ ਮਨ ਵਿੱਚ ਬਿਠਾਇਆ ਅਤੇ ਸੱਚੀਂ-ਮੁੱਚੀਂ ਦਿਲੋਂ ਹੋ ਕੇ, ‘ਸ਼ਰਧਾ’ ਨਾਲ ਸਿੱਖੀ ਦਾ ਪ੍ਰਚਾਰ ਕੀਤਾ; ਤਾਂ ‘ਸਿੱਖ-ਪੰਥ’ ਦਾ ਪਾਸਾਰ ਹੋਇਆ ਸੀ।
ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਸਿੱਖ ਪੰਥ ਵਿੱਚ ਈਸਾਈ-ਅੰਗਰੇਜ਼ਾਂ ਦੇ ਆਖੇ ਲੱਗ ਕੇ, ਸਿੰਘ ਸਭਾ ਦੇ ਰਾਹੀਂ ਸੰਤਾਂ-ਸਾਧਾਂ ਅਤੇ ਕਰਾਮਾਤਾਂ ਦੀ ਵਿਰੋਧਤਾ ਸ਼ੁਰੂ ਹੋ ਗਈ, ਗੁਰਬਾਣੀ ਵਿੱਚ ਲਿਖੇ ਹੋਏ ਦਾ ‘ਖੰਡਨ’ ਸ਼ੁਰੂ ਹੋ ਗਿਆ; ਉਸ ਦਿਨ ਤੋਂ ਸਿੱਖ ਪੰਥ ਵਿੱਚ “ਗੁਰਦੁਆਰਾ ਐਕਟ” ਬਣ ਕੇ ‘ਚੋਣ-ਪ੍ਰਣਾਲੀ’ ਆ ਗਈ। ਚੋਣ ਪ੍ਰਣਾਲੀ ਨੇ ਸੰਤਾਂ-ਸਾਧਾਂ ਦੀ ਵਿਰੋਧਤਾ ਕਰ ਕੇ, ਉਹਨਾਂ ਦੀ ਪੂਜਾ ਬੰਦ ਕਰਵਾ ਕੇ, ਉਨ੍ਹਾਂ ਤੋਂ ਗੁਰਦੁਆਰੇ ਖੋਹ ਕੇ, ‘ਚੌਧਰ ਦੇ ਭੁੱਖੇ’ ਲੀਡਰਾਂ ਦੇ ਹੱਥ ਦੇ ਦਿੱਤੇ। ਉਸ ਦਿਨ ਤੋਂ ਸਿੱਖੀ ਦਾ ਪ੍ਰਚਾਰ ਬੰਦ ਹੋ ਗਿਆ। ਜਿਸ ਦਿਨ ਤੋਂ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲਿਖੇ ਆਸ਼ੇ ਦੇ ਵਿਰੁੱਧ ਹੋ ਗਏ, ਉਸ ਦਿਨ ਤੋਂ “ਸਿੱਖ ਪੰਥ” ਘਟਣਾ ਸ਼ੁਰੂ ਹੋ ਗਿਆ।
ਨਾਮਧਾਰੀ ਮੁਖੀ ਨੇ ਕਿਹਾ ਕਿ ਸੰਤਾਂ ਸਾਧਾਂ ਦੀ ਪੂਜਾ ਅਤੇ ਸੇਵਾ ਕਰਨੀ, ਗੁਰੂ ਜੀ ਦੀਆਂ ਕਰਾਮਾਤਾਂ ਅਤੇ ਗੁਰੂ ਜੀ ਨੂੰ ਲੋਕ-ਪ੍ਰਲੋਕ ਦਾ ਸਹਾਈ ਹੋਣਾ ਮੰਨ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲਿਖੇ ਆਸ਼ੇ ਦੇ ਅਨੁਸਾਰ ਸਿੱਖ ਪੰਥ ਵਧਾਉਣ ਲਈ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ; ਤਾਂ ਹੀ ਸਿੱਖ ਪੰਥ ਨੂੰ ਘਟਣੋਂ ਰੋਕਿਆ ਜਾ ਸਕਦਾ ਹੈ ਅਤੇ ਇਸ ਵਿਚ ਵਾਧਾ ਕੀਤਾ ਜਾ ਸਕਦਾ ਹੈ।